ਕੋਰੋਨਾਵਾਈਰਸ ਬਾਰੇ ਗਲਤ ਜਾਣਕਾਰੀ ਅਤੇ ਇਸਦੇ ਸੱਚ (COVID-19)

ਮਿਥ: ਤੁਸੀਂ ਕਰੋਨਾਵਾਇਰਸ ਦਾ ਇਲਾਜ ਐਂਟੀਬਾਇਓਟਿਕ ਦਵਾਈਆਂ ਜਾਂ ਮਲੇਰੀਆ ਵਿਰੋਧੀ ਦਵਾਈਆਂ ਨਾਲ ਕਰ ਸਕਦੇ ਹੋ

ਤੱਥ: ਕਰੋਨਾਵਾਇਰਸ ਵਾਸਤੇ ਅਜੇ ਤੱਕ ਕੋਈ ਟੀਕਾ (ਵੈਕਸੀਨ) ਜਾਂ ਇਲਾਜ ਨਹੀਂ ਹੈ।

ਵਿਸ਼ਵ ਭਰ ਦੇ ਖੋਜਕਾਰ ਇਸ ਵਾਇਰਸ ਵਾਸਤੇ ਟੀਕਾ ਵਿਕਸਿਤ ਕਰਨ ਲਈ ਸਖਤ ਮਿਹਨਤ ਕਰ ਰਹੇ ਹਨ। ਵੈਕਸੀਨ ਦੇ ਕਈ ਉਮੀਦਵਾਰ ਇਸ ਸਮੇਂ ਕਲੀਨਿਕੀ ਪਰਖਾਂ ਦੇ ਵਿੱਚ ਹਨ। ਪਰ, ਸਾਨੂੰ ਨਹੀਂ ਪਤਾ ਕਿ ਟੀਕਾ ਦੇ ਵਿਕਾਸ ਨੂੰ ਕਿੰਨਾ ਸਮਾਂ ਲੱਗੇਗਾ।

ਖੋਜਕਾਰ ਨਵੀਆਂ ਅਤੇ ਵਰਤਮਾਨ ਸਮੇਂ ਉਪਲਬਧ ਦਵਾਈਆਂ ਦੀ ਵਰਤੋਂ ਉੱਤੇ ਵੀ ਵਿਚਾਰ ਕਰ ਰਹੇ ਹਨ, ਜੋ ਕਰੋਨਾਵਾਇਰਸ ਦਾ ਇਲਾਜ ਕਰਨ ਵਿੱਚ ਮਦਦ ਕਰ ਸਕਦੀਆਂ ਹਨ। ਉਦਾਹਰਣ ਲਈ, ਇਕ ਐਂਟੀ-ਵਾਇਰਲ ਦਵਾਈ ਜਿਸ ਨੂੰ ਰੈਮਡੈਸੀਵੀਰ (remdesivir) ਕਹਿੰਦੇ ਹਨ, ਨੂੰ ਗੰਭੀਰ COVID-19 ਵਾਲੇ ਲੋਕਾਂ ਦਾ ਇਲਾਜ ਕਰਨ ਲਈ ਆਸਟ੍ਰੇਲੀਆ ਵਿੱਚ ਅਸਥਾਈ ਮਨਜ਼ੂਰੀ ਮਿਲ ਗਈ ਹੈ। ਜਾਂਚ ਕੀਤੀਆਂ ਜਾ ਰਹੀਆਂ ਹੋਰ ਦਵਾਈਆਂ ਵਿੱਚ ਗਠੀਏ, ਮਲੇਰੀਆ ਅਤੇ ਐਚ ਆਈ ਵੀ ਵਾਲੇ ਇਲਾਜ ਸ਼ਾਮਲ ਹਨ। ਇਹ ਦਵਾਈਆਂ ਕਰੋਨਾਵਾਇਰਸ ਦਾ ਇਲਾਜ ਨਹੀਂ ਕਰਨਗੀਆਂ, ਪਰ ਇਹ ਉਹਨਾਂ ਲੋਕਾਂ ਜਿੰਨ੍ਹਾਂ ਨੂੰ ਵਾਇਰਸ ਹੁੰਦਾ ਹੈ ਦੀ ਗਿਣਤੀ ਅਤੇ ਮਾਮਲਿਆਂ ਦੀ ਗੰਭੀਰਤਾ ਨੂੰ ਘੱਟ ਕਰ ਸਕਦੀਆਂ ਹਨ ।

ਇਸ ਲਈ, ਹੱਥਾਂ ਅਤੇ ਸਾਹ-ਪ੍ਰਣਾਲੀ ਦੀ ਚੰਗੀ ਸਾਫ-ਸਫਾਈ ਦਾ ਅਭਿਆਸ ਕਰਕੇ, ਸਰੀਰਕ ਦੂਰੀ ਬਣਾਈ ਰੱਖਣਾ, ਜੇਕਰ ਤੁਸੀਂ ਬਿਮਾਰ ਹੋ ਤਾਂ ਘਰ ਵਿੱਚ ਰਹਿਣਾ ਅਤੇ ਟੈਸਟ ਕਰਵਾਉਣਾ ਮਹੱਤਵਪੂਰਣ ਹੈ, ਅਤੇ ਜੇ ਤੁਸੀਂ ਅਹਿਮ ਭਾਈਚਾਰਕ ਲਾਗ ਦੇ ਸੰਚਾਰ ਵਾਲੇ ਖੇਤਰ ਵਿੱਚ ਹੋ, ਖਾਸ ਕਰਕੇ ਜਦੋਂ ਸਰੀਰਕ ਦੂਰੀ ਰੱਖਣਾ ਮੁਸ਼ਕਿਲ ਹੋਵੇ ਤਾਂ ਮਾਸਕ ਪਹਿਨਣਾ ਮਹੱਤਵਪੂਰਣ ਹੈ।

ਮਿਥ: ਬੱਚੇ COVID-19 ਨੂੰ ਸਭ ਤੋਂ ਜ਼ਿਆਦਾ ਫੈਲਾਉਂਦੇ ਹਨ

ਤੱਥ: ਹਾਲਾਂਕਿ ਛੋਟੇ ਬੱਚਿਆਂ ਨੂੰ ਆਮ ਤੌਰ ਉੱਤੇ ਕੀਟਾਣੂੰਆਂ ਅਤੇ ਰੋਗਾਣੂਆਂ ਦੇ ਜ਼ਿਆਦਾ ਫੈਲਾਉਣ ਵਾਲਿਆਂ ('ਸੁਪਰ ਸਪਰੈਡਰ') ਵਜੋਂ ਜਾਣਿਆ ਜਾਂਦਾ ਹੈ, ਜਿਵੇਂ ਕਿ ਇਨਫਲੂਐਂਜ਼ਾ ਵਾਸਤੇ, COVID-19 ਵਾਸਤੇ ਵਰਤਮਾਨ ਸਬੂਤ ਇਹ ਸੁਝਾਉਂਦੇ ਹਨ ਕਿ ਸਕੂਲਾਂ ਵਿੱਚ ਬੱਚੇ ਤੋਂ ਬੱਚੇ ਤੱਕ ਦਾ ਸੰਚਾਰ ਆਮ ਨਹੀਂ ਹੈ। ਇਸ ਤੋਂ ਇਲਾਵਾ, ਸੰਸਾਰ ਵਿੱਚ ਕਿਤੇ ਵੀ ਅਜਿਹਾ ਕੋਈ ਅੰਕੜਾ ਨਹੀਂ ਹੈ, ਜੋ ਇਹ ਵਿਖਾਉਂਦਾ ਹੈ ਕਿ ਇਸ ਵਾਇਰਸ ਦਾ ਵੱਡਾ ਫੈਲਾਅ ਛੋਟੇ ਬੱਚਿਆਂ ਨਾਲ ਵਾਪਰਿਆ ਹੈ। ਹਾਲਾਂਕਿ ਇਹ ਸੰਭਵ ਹੈ, ਪਰ ਸਬੂਤ ਵਰਤਮਾਨ ਸਮੇਂ ਇਹ ਸੁਝਾਉਂਦੇ ਹਨ ਕਿ ਬੱਚੇ ਵਾਇਰਸ ਦੇ ਸੁਪਰ ਸਪਰੈਡਰ ਨਹੀਂ ਹਨ ਜੋ COVID-19 ਦਾ ਕਾਰਣ ਬਣਦੇ ਹਨ।

ਮਿਥ: ਆਸਟ੍ਰੇਲੀਆ ਕਾਫੀ ਸਾਰਾ ਡਾਕਟਰੀ ਸਾਜ਼ੋ-ਸਾਮਾਨ ਅਤੇ ਸਪਲਾਈਆਂ (ਵੈਂਟੀਲੇਟਰ, ਮਾਸਕ, ਟੈਸਟ ਕਰਨ ਵਾਲੀਆਂ ਕਿੱਟਾਂ) ਪ੍ਰਾਪਤ ਨਹੀਂ ਕਰ ਸਕਦਾ

ਤੱਥ: ਆਸਟ੍ਰੇਲੀਆ ਗਰਾਫ ਦੀ ਟੇਢੀ ਲਕੀਰ ਨੂੰ ਸਿੱਧਾ ਕਰਨ ਵਿੱਚ ਬਹੁਤ ਸਫਲ ਰਿਹਾ ਹੈ, ਜਿਸ ਦਾ ਮਤਲਬ ਇਹ ਹੈ ਕਿ ਅਸੀਂ ਆਪਣੇ ਹਸਪਤਾਲਾਂ ਉੱਤੇ ਵਧਦੇ ਦਬਾਅ ਤੋਂ ਬਚ ਗਏ ਹਾਂ।

ਆਸਟ੍ਰੇਲੀਆ ਵਿੱਚ ਸਾਡੇ ਕੋਲ ਬਹੁਤ ਸਾਰੇ ਨਿੱਜੀ ਰੱਖਿਆਤਮਕ ਸਾਜ਼ੋ-ਸਮਾਨ ਉਪਲਬਧ ਹਨ, ਜਿੰਨ੍ਹਾਂ ਦਾ ਆਸਟ੍ਰੇਲੀਆ ਵਿੱਚ ਵਧੇਰੇ ਉਤਪਾਦਨ ਕੀਤਾ ਜਾ ਰਿਹਾ ਹੈ ਅਤੇ ਹਰ ਸਮੇਂ ਆਸਟ੍ਰੇਲੀਆ ਨੂੰ ਦਿੱਤਾ ਜਾ ਰਿਹਾ ਹੈ। ਉਦਾਹਰਣ ਲਈ, ਨੈਸ਼ਨਲ ਮੈਡੀਕਲ ਸਟਾਕ ਚੰਗੀ ਤਰ੍ਹਾਂ ਭਰਿਆ ਹੋਇਆ ਹੈ, ਅਤੇ ਉਸ ਨੇ 2021 ਤੱਕ ਵੱਖ ਵੱਖ ਸਮੇਂ ਤੇ ਅਦਾਇਗੀ ਕਰਨ ਵਾਸਤੇ ਪੰਜਾਹ ਕਰੋੜ ਤੋਂ ਵੱਧ ਮਾਸਕਾਂ ਦਾ ਆਰਡਰ ਦਿੱਤਾ ਹੈ।

ਆਸਟ੍ਰੇਲੀਆ ਦੀ ਸਰਕਾਰ ਨੂੰ ਸਲਾਹ ਦੇਣ ਵਾਲੀਆਂ ਕਮੇਟੀਆਂ, ਜਿਸ ਵਿੱਚ ਸੰਚਾਰੀ ਬਿਮਾਰੀਆਂ ਦਾ ਨੈਟਵਰਕ ਆਸਟ੍ਰੇਲੀਆ  ਅਤੇ ਪਬਲਿਕ ਹੈਲਥ ਲੈਬੋਰੇਟਰੀ ਨੈਟਵਰਕ ਵੀ ਸ਼ਾਮਲ ਹਨ, COVID-19 ਟੈਸਟ ਕਰਨ ਦੀਆਂ ਲੋੜਾਂ ਦੇ ਬਾਰੇ ਸੇਧਾਂ ਦਾ ਮੁੜ-ਮੁਲਾਂਕਣ ਕਰਨ ਲਈ ਅਕਸਰ ਮਿਲਦੇ ਰਹਿੰਦੇ ਹਨ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ COVID-19 ਮਹਾਂਮਾਰੀ ਵਾਸਤੇ ਸਾਡੀ ਜਨਤਕ ਸਿਹਤ ਪ੍ਰਤੀਕਿਰਿਆ ਦਾ ਸਹਿਯੋਗ ਕਰਨ ਲਈ ਜ਼ਰੂਰੀ ਟੈਸਟ ਕੀਤੇ ਜਾਂਦੇ ਹਨ।

ਮਿਥ: ਆਸਟ੍ਰੇਲੀਆ ਦੇ ਹਸਪਤਾਲ COVID-19 ਕਰਕੇ ਵਧੀ ਹੋਈ ਮੰਗ ਨਾਲ ਨਿਪਟਣ ਦੇ ਯੋਗ ਨਹੀਂ ਹੋਣਗੇ

ਤੱਥ: ਆਸਟ੍ਰੇਲੀਆ ਗਰਾਫ ਦੀ ਟੇਢੀ ਲਕੀਰ ਨੂੰ ਸਿੱਧਾ ਕਰਨ ਵਿੱਚ ਬਹੁਤ ਸਫਲ ਰਿਹਾ ਹੈ, ਜਿਸ ਦਾ ਮਤਲਬ ਇਹ ਹੈ ਕਿ ਅਸੀਂ ਆਪਣੇ ਹਸਪਤਾਲਾਂ ਉੱਤੇ ਵਧਦੇ ਦਬਾਅ ਤੋਂ ਬਚ ਗਏ ਹਾਂ। ਜੇ ਲੋੜ ਪਈ ਤਾਂ ਆਸਟ੍ਰੇਲੀਆ ਵਿੱਚ ਇਕ ਵਿਸ਼ਵ-ਪੱਧਰੀ ਸਿਹਤ ਪ੍ਰਣਾਲੀ ਹੈ, ਜੋ COVID-19 ਮਹਾਂਮਾਰੀ ਦੌਰਾਨ ਵਧੀਕ ਮੰਗ ਦੀ ਪੂਰਤੀ ਕਰਨ ਲਈ ਚੰਗੀ ਤਰ੍ਹਾਂ ਸਥਾਪਤ ਹੈ। ਇਸ ਵਿੱਚ ਆਸਟ੍ਰੇਲੀਆ ਦੀ ਸਰਕਾਰ, ਰਾਜ ਅਤੇ ਕੇਂਦਰੀ ਪ੍ਰਦੇਸ਼ ਦੀਆਂ ਸਰਕਾਰਾਂ ਅਤੇ ਨਿੱਜੀ ਸਿਹਤ ਖੇਤਰ ਵਿਚਕਾਰ ਭਾਈਵਾਲੀ ਰਾਹੀਂ ਵਧੀਕ ਹਸਪਤਾਲ ਦੇ ਬਿਸਤਰਿਆਂ, ਡਾਕਟਰੀ ਸਾਜ਼ੋ-ਸਾਮਾਨ, ਸਪਲਾਈਆਂ, ਅਤੇ ਡਾਕਟਰੀ ਕਰਮਚਾਰੀਆਂ ਦੀ ਸਮਰੱਥਾ ਸ਼ਾਮਲ ਹੈ।

ਮਿਥ: ਦੋ ਹਫ਼ਤੇ ਦੀ ਤਾਲਾਬੰਦੀ  COVID-19 ਦੇ ਫੈਲਣ ਨੂੰ ਰੋਕੇਗੀ

ਤੱਥ: ਦੋ ਜਾਂ ਤਿੰਨ ਹਫਤਿਆਂ ਲਈ ਪਾਬੰਦੀਆਂ ਲਗਾਉਣਾ ਤੇ ਫਿਰ ਇਹਨਾਂ ਨੂੰ ਹਟਾਉਣਾ ਅਤੇ ਸਾਡੇ ਆਮ ਜੀਵਨ ਵਿੱਚ ਵਾਪਸ ਆਉਣਾ COVID-19 ਦੇ ਫੈਲਾਅ ਨੂੰ ਨਹੀਂ ਰੋਕੇਗਾ।

COVID-19 ਵਾਲੇ ਜ਼ਿਆਦਾਤਰ ਲੋਕਾਂ ਵਿੱਚ ਕੇਵਲ ਹਲਕੇ ਜਾਂ ਕੋਈ ਲੱਛਣ ਨਹੀਂ ਹੁੰਦੇ ਹਨ। ਕੇਵਲ ਦੋ-ਹਫਤੇ ਦੀ ਤਾਲਾਬੰਦੀ ਦਾ ਖਤਰਾ ਇਹ ਹੈ ਕਿ ਜਦੋਂ ਤਾਲਾਬੰਦੀ ਦੇ ਬਾਅਦ ਸਭ ਕੁਝ ਖੁੱਲ੍ਹ ਜਾਂਦਾ ਹੈ, ਲੱਛਣ-ਰਹਿਤ COVID-19 ਵਾਲੇ ਲੋਕ ਅਣਜਾਣੇ ਵਿੱਚ ਦੂਸਰੇ ਲੋਕਾਂ ਨੂੰ ਵਾਇਰਸ ਦੇ ਸੰਪਰਕ ਵਿੱਚ ਲਿਆ ਸਕਦੇ ਹਨ।

COVID-19 ਦੇ ਫੈਲਣ ਨੂੰ ਹੌਲੀ ਕਰਨ ਵਿੱਚ ਮਦਦ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ, ਹੱਥਾਂ ਅਤੇ ਸਾਹ-ਪ੍ਰਣਾਲੀ ਦੀ ਸਾਫ-ਸਫਾਈ ਦਾ ਅਭਿਆਸ ਕਰਨਾ, ਸਰੀਰਕ ਦੂਰੀ ਬਣਾਈ ਰੱਖਣਾ, ਅਤੇ ਜੇ ਤੁਸੀਂ ਬਿਮਾਰ ਮਹਿਸੂਸ ਕਰਦੇ ਹੋ ਤਾਂ ਘਰ ਵਿੱਚ ਰਹਿਣਾ ਅਤੇ ਟੈਸਟ ਕਰਵਾਉਣਾ, ਅਤੇ ਜੇ ਤੁਸੀਂ ਭਾਈਚਾਰਕ ਲਾਗ ਦੇ ਸੰਚਾਰ ਵਾਲੇ ਖੇਤਰ ਵਿੱਚ ਹੋ, ਅਤੇ ਸਰੀਰਕ ਦੂਰੀ ਬਣਾਈ ਰੱਖਣਾ ਸੰਭਵ ਨਾ ਹੋਵੇ ਤਾਂ ਮਾਸਕ ਪਹਿਨਣਾ।

ਸਾਡੇ ਸਿਹਤ ਮਾਹਰ ਆਸਟ੍ਰੇਲੀਆ ਵਿੱਚ ਹਰ ਰੋਜ਼ ਨਵੇਂ ਮਾਮਲਿਆਂ ਦੀ ਸੰਖਿਆ ਅਤੇ ਕਿੱਥੇ ਸੰਚਾਰ ਹੋ ਰਹੇ ਹਨ ਦੀ ਨਿਗਰਾਨੀ ਕਰਨਾ ਜਾਰੀ ਰੱਖਣਗੇ। ਫਿਰ ਉਹ ਸਬੂਤ ਦੇ ਆਧਾਰ ਉੱਤੇ ਨਵੇਂ ਨਿਯਮਾਂ ਜਾਂ ਪਾਬੰਦੀਆਂ ਦੀਆਂ ਸਿਫਾਰਸ਼ਾਂ ਕਰਨਗੇ ਜਿੰਨ੍ਹਾਂ ਨੂੰ ਲਾਗੂ ਕਰਨ ਦੀ ਲੋੜ ਹੈ। ਹਰ ਕਿਸੇ ਨੂੰ www.australia.gov.au ਉੱਤੇ ਜਾ ਕੇ ਵਰਤਮਾਨ ਪਾਬੰਦੀਆਂ ਦੀ ਤਾਜ਼ਾ ਖਬਰ ਰੱਖਣੀ ਚਾਹੀਦੀ ਹੈ।

ਮਿਥ: ਹਰ ਕਿਸੇ ਦਾ ਟੈਸਟ ਕਰਨਾ, ਕਰੋਨਾਵਾਇਰਸ ਦੇ ਫੈਲਣ ਨੂੰ ਰੋਕੇਗਾ

ਤੱਥ: ਜਾਂਚ ਨਾਲ ਵਾਇਰਸ ਦੇ ਫੈਲਣ ਨੂੰ ਨਹੀਂ ਰੋਕਿਆ ਜਾਂਦਾ।

COVID-19 ਦੀ ਰੋਕਥਾਮ ਅਤੇ ਕਾਬੂ ਕਰਨ ਵਿੱਚ ਬੁਨਿਆਦੀ ਥੰਮਾਂ ਵਿੱਚੋਂ ਇਕ ਸਮੇਂ ਸਿਰ, ਪੈਮਾਨਾ-ਯੋਗ ਅਤੇ ਬਿਮਾਰੀ ਦਾ ਪਤਾ ਲਗਾਉਣ ਲਈ ਸਹੀ ਟੈਸਟ ਹੈ। ਬਿਮਾਰੀ ਦਾ ਪਤਾ ਲਗਾਉਣ ਵਾਲਾ ਟੈਸਟ ਬਿਮਾਰੀ ਦੇ ਮਹਾਂਮਾਰੀ ਵਿਗਿਆਨ ਨੂੰ ਪਰਿਭਾਸ਼ਿਤ ਕਰਨ, ਮਾਮਲੇ ਅਤੇ ਸੰਪਰਕ ਪ੍ਰਬੰਧ ਨੂੰ ਸੂਚਿਤ ਕਰਨ, ਅਤੇ ਅੰਤ ਵਿੱਚ ਵਾਇਰਸ ਦੇ ਫੈਲਣ ਨੂੰ ਘੱਟ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।

ਹਾਲਾਂਕਿ, COVID-19 ਵਾਸਤੇ ਨੈਗੇਟਿਵ ਟੈਸਟ ਆਉਣ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਖਤਰਾ ਨਹੀਂ ਹੈ, ਜਾਂ ਦੂਸਰਿਆਂ ਨੂੰ ਕੋਈ ਖਤਰਾ ਨਹੀਂ ਹੈ। ਪਰ ਇਸ ਤੋਂ ਪਹਿਲਾਂ ਕਿ ਤੁਹਾਡੇ ਵਿੱਚ ਲੱਛਣ ਵਿਕਸਤ ਹੋਣ, SARS-CoV-2 (ਜੋ COVID-19 ਦਾ ਕਾਰਣ ਬਣਦਾ ਹੈ) ਦੇ ਸੰਪਰਕ ਵਿੱਚ ਆਉਣ ਦੇ ਬਾਅਦ ਤੁਹਾਡਾ COVID-19 ਦੇ ਲਈ ਨੈਗੇਟਿਵ ਟੈਸਟ ਹੋ ਸਕਦਾ ਹੈ। ਇਸ ਕਰਕੇ ਚੰਗੀ ਸਾਫ-ਸਫਾਈ ਅਤੇ ਸਰੀਰਕ ਦੂਰੀ ਦਾ ਅਭਿਆਸ ਕਰਨਾ, ਅਤੇ ਬਿਮਾਰ ਮਹਿਸੂਸ ਕਰਦੇ ਸਮੇਂ ਘਰ ਵਿੱਚ ਰਹਿਣਾ ਬਹੁਤ ਮਹੱਤਵਪੂਰਣ ਹੈ। ਇਹ ਕਾਰਵਾਈਆਂ, ਮਿਥੇ ਟੈਸਟਾਂ ਦੇ ਨਾਲ, COVID-19 ਅਤੇ ਹੋਰ ਛੂਤ ਦੀਆਂ ਬਿਮਾਰੀਆਂ ਦੇ ਫੈਲਣ ਨੂੰ ਰੋਕਣ ਵਿੱਚ ਮਦਦ ਕਰ ਰਹੀਆਂ ਹਨ, ਜੋ ਆਸਟ੍ਰੇਲੀਆ ਦੀ ਸਿਹਤ ਪ੍ਰਣਾਲੀ ਉੱਤੇ ਮੰਗ ਨੂੰ ਘੱਟ ਕਰ ਰਹੀਆਂ ਹਨ।

ਕਿਸੇ ਖੇਤਰ ਵਿੱਚ ਕੇਸ ਦੀ ਗਿਣਤੀ ਅਤੇ ਫੈਲਣ ਦੇ ਵਧਦੇ ਹੋਏ ਫੈਲਣ ਦੇ ਸਫਲ ਜਨਤਕ ਸਿਹਤ ਪ੍ਰਬੰਧ ਵਾਸਤੇ ਇਹ ਲੋੜਿਆ ਜਾਂਦਾ ਹੈ ਕਿ ਮਹਾਂਮਾਰੀ ਦੇ ਕਾਬੂ ਨੂੰ ਅਤੇ ਪ੍ਰਯੋਗਸ਼ਾਲਾ ਅਤੇ ਟੈਸਟ ਕਰਨ ਦੀ ਜਗ੍ਹਾ ਦੀ ਸਮਰੱਥਾ ਦੀ ਟਿਕਾਊਪੁਣੇ ਦੀ ਰੱਖਿਆ ਕਰਨ ਵਿਚਕਾਰ ਸਹੀ ਸੰਤੁਲਨ ਬਨਾਉਣ ਲਈ ਟੈਸਟਾਂ ਨੂੰ ਧਿਆਨ ਨਾਲ ਨਿਸ਼ਾਨਾ ਬਣਾਇਆ ਜਾਣਾ ਚਾਹੀਦਾ ਹੈ।

ਕੋਈ ਲੱਛਣ (ਲੱਛਣਾਂ) ਨਾ ਵਿਖਾਉਣ ਵਾਲੇ ਆਸਟ੍ਰੇਲੀਆ ਦੇ ਲੋਕਾਂ ਦੀ ਵਿਆਪਕ ਜਾਂਚ ਨੂੰ ਪੂਰੀ ਤਰ੍ਹਾਂ ਨਿਰਉਤਸ਼ਾਹਿਤ ਕੀਤਾ ਜਾਂਦਾ ਹੈ। ਇਹ ਟੈਸਟ ਕਰਨ ਦੀ ਰਣਨੀਤੀ ਨਾ ਤਾਂ ਮਹਾਂਮਾਰੀ ਦੇ ਵਿਗਿਆਨਕ ਤੌਰ ਉੱਤੇ ਠੋਸ ਹੈ ਅਤੇ ਨਾ ਹੀ ਬਿਮਾਰੀ ਦੇ ਫੈਲਣ ਦੀ ਪਛਾਣ ਕਰਨ ਲਈ ਕੋਈ ਲਾਗਤ-ਪ੍ਰਭਾਵੀ ਵਾਲੀ ਪਹੁੰਚ ਹੈ। ਆਸਟ੍ਰੇਲੀਆ ਦੀ ਸਰਕਾਰ ਇਹ ਪਛਾਣਦੀ ਹੈ ਕਿ ਬਿਮਾਰੀ ਨੂੰ ਕਾਬੂ ਕਰਨ ਅਤੇ ਨਿਗਰਾਨੀ ਦੇ ਮਕਸਦਾਂ ਵਾਸਤੇ ਵਿਸ਼ੇਸ਼ ਹਾਲਾਤਾਂ ਵਿੱਚ ਬਿਨਾਂ ਲੱਛਣ ਵਾਲਿਆਂ ਦਾ ਟੈਸਟ ਕਰਨ ਵਾਸਤੇ ਕੋਈ ਭੂਮਿਕਾ ਹੋ ਸਕਦੀ ਹੈ। ਇਹਨਾਂ ਹਾਲਾਤਾਂ ਵਿੱਚ ਸ਼ਾਮਲ ਹਨ ਫੈਲਣ ਦੀਆਂ ਜਗ੍ਹਾਵਾਂ, ਵਧੇਰੇ ਖਤਰੇ ਵਾਲੀ ਆਬਾਦੀ ਦੇ ਘੱਟ ਘਟਨਾਵਾਂ ਵਾਲੇ ਖੇਤਰਾਂ ਵਿੱਚ ਫੈਲਣ, ਉੱਚ ਸੰਪਰਕ ਦੇ ਅਹਿਮ ਖਤਰੇ ਵਿੱਚ ਆਬਾਦੀਆਂ, ਅਤੇ ਉੱਚ ਖਤਰੇ ਵਾਲੀਆਂ ਲਾਗ ਦੇ ਸੰਪਰਕ ਵਾਲੀਆਂ ਜਗ੍ਹਾਵਾਂ ਵਾਲੇ ਲੋਕ ਜੋ ਲਾਗ ਗ੍ਰਸਤ ਹੋਣ ਕਾਰਣ ਗੰਭੀਰ ਬਿਮਾਰੀ ਦੇ ਖਤਰੇ ਵਿੱਚ ਹਨ।

ਆਸਟ੍ਰੇਲੀਆ ਦੀ ਸਰਕਾਰ ਸਿਫਾਰਸ਼ ਕਰਦੀ ਹੈ ਕਿ ਟੈਸਟ ਕਰਨ ਦੀਆਂ ਰਣਨੀਤੀਆਂ, ਜਿਸ ਵਿੱਚ ਲੱਛਣ ਰਹਿਤ ਲੋਕਾਂ ਵਾਸਤੇ ਕੰਮ ਦੀ ਜਗ੍ਹਾ ਦੇ ਪੜਤਾਲੀਆ ਪ੍ਰੋਗਰਾਮ ਵੀ ਸ਼ਾਮਲ ਹਨ, ਸਬੰਧਿਤ ਜਨਤਕ ਸਿਹਤ ਅਥਾਰਟੀਆਂ ਅਤੇ ਪ੍ਰਯੋਗਸ਼ਾਲਾ ਨਿਰਦੇਸ਼ਕਾਂ ਨਾਲ ਸਲਾਹ-ਮਸ਼ਵਰੇ ਕਰਕੇ ਵਿਕਸਿਤ ਕੀਤੀਆਂ ਜਾਣ। ਇਹ ਸਭ ਇਹ ਯਕੀਨੀ ਬਨਾਉਣ ਲਈ ਹੈ ਕਿ ਸਭ ਤੋਂ ਵੱਧ ਉਚਿੱਤ ਅਤੇ ਅਸਰਦਾਰ ਤਰੀਕਿਆਂ ਨੂੰ ਵਰਤਿਆ ਜਾਂਦਾ ਹੈ। ਵਿਆਪਕ ਲੱਛਣ ਰਹਿਤ ਟੈਸਟ ਕਰਨ ਬਾਰੇ ਆਸਟ੍ਰੇਲੀਆ ਦੀ ਸਰਕਾਰ ਦੀ ਸਥਿਤੀ ਬਾਰੇ ਵਧੇਰੇ ਜਾਣਕਾਰੀ ਵਾਸਤੇ, ਕਿਰਪਾ ਕਰਕੇ ਸਿਹਤ ਵਿਭਾਗ ਦੀ ਵੈੱਬਸਾਈਟ ਵੇਖੋ।

ਮਿਥ: ਟੈਸਟ ਕਰਨ ਵਾਲੀਆਂ ਕਿੱਟਾਂ ਸਹੀ ਨਹੀਂ ਹਨ

ਤੱਥ: ਆਸਟ੍ਰੇਲੀਆ ਵਿੱਚ, COVID-19 ਟੈਸਟ ਬਹੁਤ ਸਟੀਕ ਹੁੰਦੇ ਹਨ। ਆਸਟ੍ਰੇਲੀਆ ਵਿੱਚ ਟੈਸਟ ਕਰਨ ਵਿੱਚ ਵਰਤੀਆਂ ਜਾਂਦੀਆਂ ਸਾਰੀਆਂ ਵਿਧੀਆਂ ਦੀ ਵਿਆਪਕ ਤੌਰ ਉੱਤੇ ਪੁਸ਼ਟੀ ਕੀਤੀ ਗਈ ਹੈ। ਉਹਨਾਂ ਦੀ ਚਿਕਿਤਸਾ ਦੇ ਵਸਤੂਆਂ ਪ੍ਰਸ਼ਾਸ਼ਨ (TGA) ਦੁਆਰਾ ਨੇੜਿਓਂ ਨਿਗਰਾਨੀ ਕੀਤੀ ਜਾਂਦੀ ਹੈ, ਅਤੇ ਉਹਨਾਂ ਦੀ ਗੁਣਵੱਤਾ ਯਕੀਨੀ ਬਨਾਉਣ ਦੇ ਪ੍ਰੋਗਰਾਮਾਂ ਵਿੱਚ ਲਾਜ਼ਮੀ ਹਿੱਸੇਦਾਰੀ ਰਾਹੀਂ ਜਿੰਨ੍ਹਾਂ ਨੂੰ SARS-COV-2 (ਉਹ ਵਾਇਰਸ ਜੋ COVID-19 ਦਾ ਕਾਰਣ ਬਣਦਾ ਹੈ) ਵਾਸਤੇ ਵਿਸ਼ੇਸ਼ ਤੌਰ ਉੱਤੇ ਵਿਕਸਿਤ ਕੀਤਾ ਗਿਆ ਹੈ।

ਆਸਟ੍ਰੇਲੀਆ ਵਿੱਚ, ਪ੍ਰਯੋਗਸ਼ਾਲਾ-ਆਧਾਰਿਤ ਪਾਲੀਮੈਰੇਸ ਚੇਨ ਰਿਐਕਸ਼ਨ ਟੈਸਟਿੰਗ (PCR) ਤੁਹਾਡੇ ਸਰੀਰ ਵਿੱਚ ਗੰਭੀਰ SARS-CoV-2 ਦੀ ਲਾਗ ਦਾ ਪਤਾ ਲਗਾਉਣ ਲਈ ਵਰਤੀ ਜਾਂਦੀ ਸਭ ਤੋਂ ਵਧੀਆ ਮਿਆਰੀ ਜਾਂਚ ਹੈ, ਅਤੇ ਟੈਸਟ ਕਰਨ ਲਈ ਸਾਹ-ਪ੍ਰਣਾਲੀ ਦੇ ਨਮੂਨੇ ਨੂੰ ਇਕੱਤਰ ਕਰਨ ਦੀ ਲੋੜ ਹੁੰਦੀ ਹੈ। PCR ਟੈਸਟ ਬਹੁਤ ਸੰਵੇਦਨਸ਼ੀਲ ਹੁੰਦੇ ਹਨ ਅਤੇ ਸਾਹ ਦੇ ਨਮੂਨੇ ਵਿੱਚ SARS-CoV-2 ਵਾਸਤੇ ਵਿਸ਼ੇਸ਼ ਛੋਟੇ ਅਣੂਵੰਸ਼ਿਕ ਟੁਕੜਿਆਂ ਦਾ ਪਤਾ ਲਗਾ ਸਕਦੇ ਹਨ।

ਆਸਟ੍ਰੇਲੀਆ ਵਿੱਚ ਟੈਸਟ ਕਰਨ ਵਾਲੀ ਕਿਸੇ ਵੀ ਤਕਨਾਲੋਜੀ ਨੂੰ TGA ਦੁਆਰਾ ਬਹੁਤ ਧਿਆਨ ਨਾਲ ਮੁਲਾਂਕਣ ਕਰਨ ਦੀ ਲੋੜ ਹੁੰਦੀ ਹੈ, ਤਾਂ ਜੋ ਨਤੀਜਿਆਂ ਦੀ ਗੁਣਵੱਤਾ ਅਤੇ ਭਰੋਸੇਯੋਗਤਾ ਨੂੰ ਯਕੀਨੀ ਬਣਾਇਆ ਜਾ ਸਕੇ, ਅਤੇ ਇਸ ਦੀ ਕਨੂੰਨੀ ਸਪਲਾਈ ਨੂੰ ਸਮਰੱਥ ਬਣਾਇਆ ਜਾ ਸਕੇ। ਨਵੀਨਤਮ ਜਾਣਕਾਰੀ ਵਾਸਤੇ ਜਿਸ ਰਾਹੀਂ COVID-19 ਟੈਸਟਾਂ ਨੂੰ ਆਸਟ੍ਰੇਲੀਅਨ ਰਜਿਸਟਰ ਆਫ ਥੈਰੇਪਿਊਟਿਕ ਗੁਡਜ਼ ਉੱਤੇ ਸ਼ਾਮਲ ਕੀਤਾ ਜਾਂਦਾ ਹੈ, ਕਿਰਪਾ ਕਰਕੇ TGA ਦੀ ਵੈੱਬਸਾਈਟ ਵੇਖੋ: www.tga.gov.au/covid-19-test-kits-included-artg-legal-supply-australia.

ਮਿਥ: ਕਰੋਨਾਵਾਇਰਸ ਇਕ ਅਫਵਾਹ ਹੈ

ਤੱਥ: COVID-19 ਕਰੋਨਾਵਾਇਰਸ (SARS-CoV-2) ਕਰਕੇ ਹੁੰਦਾ ਹੈ, ਜੋ ਵਾਇਰਸਾਂ ਦੇ ਇਕ ਵੱਡੇ ਪਰਿਵਾਰ ਦਾ ਹਿੱਸਾ ਹੈ, ਜੋ ਮਨੁੱਖਾਂ ਅਤੇ ਜਾਨਵਰਾਂ ਦੋਨਾਂ ਵਿੱਚ ਸਾਹ ਦੀਆਂ ਲਾਗਾਂ ਦੇ ਰੂਪ ਵਿੱਚ ਹੋ ਸਕਦਾ ਹੈ। ਇਹ ਲਾਗਾਂ ਆਮ ਜ਼ੁਕਾਮ ਤੋਂ ਲੈ ਕੇ ਵਧੇਰੇ ਗੰਭੀਰ ਬਿਮਾਰੀ ਤੱਕ ਹੋ ਸਕਦੀਆਂ ਹਨ। COVID-19 ਬੂੰਦਾਂ ਦੁਆਰਾ ਅਤੇ ਦੂਸ਼ਿਤ ਤਲਾਂ ਰਾਹੀਂ ਲੋਕਾਂ ਦੇ ਵਿਚਕਾਰ ਫੈਲਦਾ ਹੈ।

ਆਸਟ੍ਰੇਲੀਆ ਵਿੱਚ, ਪੀਟਰ ਡੋਹਰਟੀ ਇੰਸਟੀਚਿਊਟ ਫਾਰ ਇਨਫੈਕਸ਼ਨ ਐਂਡ ਇਮਿਊਨਟੀ ਵਿਖੇ ਵਿਕਟੋਰੀਅਨ ਇਨਫੈਕਸ਼ਨ ਡਿਜੀਜ਼ ਰੈਫਰੈਂਸ ਲੈਬੋਰੇਟਰੀ (VIDRL), SARS-CoV-2 ਨੂੰ ਅਲੱਗ-ਥਲੱਗ ਕਰਨ ਵਾਲੀ ਚੀਨ ਤੋਂ ਬਾਹਰ ਪਹਿਲੀ ਪ੍ਰਯੋਗਸ਼ਾਲਾ ਸੀ। VIDRL ਨੇ ਆਸਟ੍ਰੇਲੀਆ ਦੀਆਂ ਦੂਸਰੀਆਂ ਪ੍ਰਯੋਗਸ਼ਾਲਾਵਾਂ, ਵਿਸ਼ਵ ਸਿਹਤ ਸੰਗਠਨ ਅਤੇ ਹੋਰ ਦੇਸ਼ਾਂ ਨਾਲ ਅਲੱਗ-ਥਲੱਗ ਕੀਤੇ ਵਾਇਰਸ ਨੂੰ ਸਾਂਝਾ ਕੀਤਾ ਤਾਂ ਜੋ COVID-19 ਵਾਸਤੇ ਬਿਮਾਰੀ ਦਾ ਪਤਾ ਲਗਾਉਣ ਲਈ ਟੈਸਟਾਂ ਦੇ ਵਿਕਾਸ, ਪ੍ਰਮਾਣਿਕਤਾ ਅਤੇ ਪੁਸ਼ਟੀ ਕਰਨ ਦੇ ਯੋਗ ਬਣਾਇਆ ਜਾ ਸਕੇ।

ਆਸਟ੍ਰੇਲੀਆ ਖੁਸ਼ਕਿਸਮਤ ਹੈ ਕਿ SARS-CoV-2 ਦਾ ਪਤਾ ਲਗਾਉਣ ਅਤੇ ਪੁਸ਼ਟੀ ਕਰਨ ਦੀ ਸਮਰੱਥਾ ਅਤੇ ਉਚਿੱਤ ਮਾਨਤਾ ਵਾਲੇ ਜਨਤਕ ਅਤੇ ਨਿੱਜੀ ਰੋਗ-ਵਿਗਿਆਨ ਪ੍ਰਯੋਗਸ਼ਾਲਾਵਾਂ ਦੇ ਮਾਹਰ ਨੈਟਵਰਕ ਦੁਆਰਾ ਸਹਾਇਤਾ ਕੀਤੀ ਗਈ ਹੈ। ਇਹਨਾਂ ਪ੍ਰਯੋਗਸ਼ਾਲਾਵਾਂ ਦੀ ਜਾਂਚ ਸਮਰੱਥਾ ਨੂੰ ਵਧਾਉਣ ਦੀ ਯੋਗਤਾ ਗਰਾਫ ਦੀ ਟੇਢੀ ਲਕੀਰ ਨੂੰ ਸਿੱਧਾ ਕਰਨ ਅਤੇ ਹੋਰਨਾਂ ਦੇਸ਼ਾਂ ਵਿੱਚ ਦੇਖੀਆਂ ਗਈਆਂ ਤਬਾਹਕੁੰਨ ਲਾਗ ਦੀਆਂ ਦਰਾਂ ਤੋਂ ਬਚਣ ਵਿੱਚ ਆਸਟ੍ਰੇਲੀਆ ਦੀ ਸਫਲਤਾ ਵਾਸਤੇ ਜ਼ਰੂਰੀ ਰਹੀ ਹੈ। COVID-19 ਵਾਲੇ ਲੋਕਾਂ ਦੀ ਸੰਖਿਆ ਅਤੇ ਬਿਮਾਰੀ ਨਾਲ ਹੋਣ ਵਾਲੀਆਂ ਮੌਤਾਂ ਦੀ ਸੰਖਿਆ ਬਾਰੇ ਜਾਣਕਾਰੀ ਆਸਟ੍ਰੇਲੀਆ ਅਤੇ ਵਿਸ਼ਵ ਭਰ ਵਿੱਚ ਇਕੱਤਰ ਕੀਤੀ ਜਾਂਦੀ ਹੈ। ਅੰਕੜਿਆਂ ਨੂੰ ਰੋਜ਼ਾਨਾ ਆਸਟ੍ਰੇਲੀਆ ਦੇ ਸਿਹਤ ਵਿਭਾਗ ਦੁਆਰਾ ਪ੍ਰਕਾਸ਼ਿਤ ਕੀਤਾ ਜਾਂਦਾ ਹੈ।

ਮਿਥ: ਮਾਸਕ ਬੇਅਸਰ ਅਤੇ/ਜਾਂ ਅਸੁਰੱਖਿਅਤ ਹੁੰਦੇ ਹਨ।

ਤੱਥ: ਮਾਸਕ ਨੂੰ, ਜਦੋਂ ਹੋਰ ਸਾਵਧਾਨੀਆਂ ਨਾਲ ਵਰਤਿਆ ਜਾਂਦਾ ਹੈ ਜਿਵੇਂ ਕਿ ਚੰਗੀ ਸਾਫ-ਸਫਾਈ, ਸਰੀਰਕ ਦੂਰੀ, ਅਤੇ ਬਿਮਾਰ ਹੋਣ ਤੇ ਘਰ ਵਿੱਚ ਰਹਿਣਾ ਤੇ ਟੈਸਟ ਕਰਵਾਉਣਾ, ਤਾਂ ਇਹ COVID-19 ਦੇ ਫੈਲਾਅ ਨੂੰ ਹੌਲੀ ਕਰਨ ਵਿੱਚ ਮਦਦ ਕਰਦਾ ਹੈ।

ਜ਼ਿਆਦਾਤਰ ਸਾਹ ਸਬੰਧੀ ਵਾਇਰਸਾਂ ਦੀ ਤਰ੍ਹਾਂ, SARS-CoV-2 (ਜੋ COVID-19 ਦਾ ਕਾਰਣ ਬਣਦਾ ਹੈ) ਮੁੱਖ ਤੌਰ ਉੱਤੇ ਵਾਇਰਸ ਵਾਲੀਆਂ ਬੂੰਦਾਂ ਦੁਆਰਾ ਫੈਲਦਾ ਹੈ, ਜੋ ਉਸ ਸਮੇਂ ਪੈਦਾ ਹੁੰਦੀਆਂ ਹਨ, ਜਦੋਂ ਕੋਈ ਲਾਗ ਗ੍ਰਸਤ ਵਿਅਕਤੀ ਬੋਲਦਾ ਹੈ, ਖੰਘਦਾ ਹੈ ਜਾਂ ਛਿੱਕ ਮਾਰਦਾ ਹੈ। ਫੈਲਣਾ ਦੂਸ਼ਿਤ ਤਲਾਂ ਰਾਹੀਂ ਵੀ ਵਾਪਰ ਸਕਦਾ ਹੈ। ਸਾਹ ਦੀ ਲਾਗ ਵਾਲੇ, ਜਿਸ ਵਿੱਚ COVID-19 ਵੀ ਸ਼ਾਮਲ ਹੈ, ਲੱਛਣ ਅਤੇ ਬਿਨਾਂ ਲੱਛਣ ਵਾਲੇ ਵਿਅਕਤੀ ਦੁਆਰਾ ਮਾਸਕ ਦੀ ਵਰਤੋਂ ਕੀਤੀ ਜਾ ਸਕਦੀ ਹੈ, ਜਿਸ ਨਾਲ ਲਾਗ ਗ੍ਰਸਤ ਸਾਹ ਦੀਆਂ ਬੂੰਦਾਂ ਦੇ ਫੈਲਣ ਨੂੰ ਘੱਟ ਕਰਕੇ ਹੋਰਨਾਂ ਦੀ ਰੱਖਿਆ ਕੀਤੀ ਜਾ ਸਕਦੀ ਹੈ। ਮਾਸਕ ਦੀ ਵਰਤੋਂ ਸਿਹਤ ਅਤੇ ਸੰਭਾਲ ਕਾਮਿਆਂ ਦੁਆਰਾ ਖੁਦ ਦੀ ਰੱਖਿਆ ਕਰਨ ਲਈ ਕੀਤੀ ਜਾਂਦੀ ਹੈ, ਜਦੋਂ ਉਹ ਕਿਸੇ ਸਾਹ ਦੀ ਲਾਗ ਜਿਸ ਵਿੱਚ COVID-19 ਵੀ ਸ਼ਾਮਲ ਹੈ, ਵਾਲੇ ਵਿਅਕਤੀ ਤੋਂ ਸਰੀਰਕ ਦੂਰੀ ਬਣਾਈ ਰੱਖਣ ਦੇ ਅਯੋਗ ਹੁੰਦੇ ਹਨ।

ਮਾਸਕ ਪਹਿਨਣਾ COVID-19 ਦੇ ਫੈਲਾਅ ਨੂੰ ਹੌਲੀ ਕਰਨ ਵਿੱਚ ਕੇਵਲ ਇਕ ਕਦਮ ਹੈ ਅਤੇ ਇਹ ਹੋਰ ਸਾਵਧਾਨੀਆਂ ਦਾ ਵਿਕਲਪ ਨਹੀਂ ਹੈ। ਹੱਥਾਂ ਅਤੇ ਸਾਹ-ਪ੍ਰਣਾਲੀ ਦੀ ਚੰਗੀ ਸਾਫ਼-ਸਫ਼ਾਈ, ਸਰੀਰਕ ਦੂਰੀ ਅਤੇ ਘਰ ਵਿੱਚ ਰਹਿਣਾ ਅਤੇ ਬਿਮਾਰ ਹੋਣ ਉੱਤੇ ਟੈਸਟ ਕਰਵਾਉਣਾ ਜਾਰੀ ਰੱਖਣਾ ਮਹੱਤਵਪੂਰਣ ਹੈ।

ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਮਾਸਕ ਪਹਿਨਣਾ ਅਸੁਰੱਖਿਅਤ ਹੈ, ਜਾਂ ਕਿ ਇਸ ਨਾਲ ਸਮੱਸਿਆਵਾਂ ਪੈਦਾ ਹੁੰਦੀਆਂ ਹਨ, ਜਿਵੇਂ ਕਿ ਆਕਸੀਜਨ ਦੀ ਕਮੀ। ਸਿਹਤ ਸੰਭਾਲ ਪ੍ਰਦਾਤਿਆਂ ਨੇ ਇਹਨਾਂ ਸਮੱਸਿਆਵਾਂ ਤੋਂ ਬਿਨਾਂ ਕਈ ਸਾਲਾਂ ਤੱਕ ਲੰਬੇ ਸਮੇਂ ਤੱਕ ਮਾਸਕ ਪਹਿਨੇ ਹੋਏ ਹਨ।

 

COVID-19 ਪ੍ਰਤੀ ਆਸਟ੍ਰੇਲੀਆ ਦੀ ਸਰਕਾਰ ਦੀ ਪ੍ਰਤੀਕਿਰਿਆ ਵਿੱਚ ਪ੍ਰਮੁੱਖ ਘਟਨਾਵਾਂ ਬਾਰੇ ਸੂਚਿਤ ਰਹਿਣ ਲਈ ਇਸ ਵੈੱਬਸਾਈਟ ਤੱਕ ਬਕਾਇਦਾ ਪਹੁੰਚ ਕਰੋ।

SBS ਕੋਲ ਤੁਹਾਡੀ ਭਾਸ਼ਾ ਵਿੱਚ COVID-19 ਬਾਰੇ ਵੀ ਕਈ ਤਰ੍ਹਾਂ ਦੀ ਜਾਣਕਾਰੀ ਹੈ। ਤੁਸੀਂ ਸਰਕਾਰੀ ਜਾਣਕਾਰੀ ਦਾ ਅਨੁਵਾਦ ਕਰਨ ਲਈ ਮੋਬਾਈਲ ਫ਼ੋਨ ਐਪਾਂ ਅਤੇ ਬਰਾਊਜ਼ਰ ਐਕਸਟੈਂਸ਼ਨਾਂ ਦੀ ਵਰਤੋਂ ਵੀ ਕਰ ਸਕਦੇ ਹੋ। ਉਸ ਦੀ ਖੋਜ ਕਰੋ ਜੋ ਤੁਹਾਡੀਆਂ ਲੋੜਾਂ ਦੀ ਪੂਰਤੀ ਕਰਦਾ ਹੈ।

ਅੰਗਰੇਜ਼ੀ ਵਿੱਚ ਵਧੀਕ ਜਾਣਕਾਰੀ ਤੱਕ ਪਹੁੰਚ ਕਰਨ ਲਈ, www.australia.gov.au ਉੱਤੇ ਜਾਓ।