ਸਿਹਤ

ਸਿਹਤ ਜਾਣਕਾਰੀ

ਜੇ ਤੁਹਾਨੂੰ ਗੰਭੀਰ ਲੱਛਣ ਹਨ, ਜਿਵੇਂ ਕਿ ਸਾਹ ਲੈਣ ਵਿੱਚ ਮੁਸ਼ਕਿਲ, ਤਾਂ ਕਿਰਪਾ ਕਰਕੇ ਤੁਰੰਤ ਡਾਕਟਰੀ ਮਦਦ ਵਾਸਤੇ 000 ਉੱਤੇ ਫੋਨ ਕਰੋ।

ਕਰੋਨਾਵਾਇਰਸ ਦੇ ਲੱਛਣਾਂ ਵਿੱਚ ਸ਼ਾਮਲ ਹਨ:

 • ਬੁਖ਼ਾਰ
 • ਖੰਘਣਾ
 • ਗਲੇ ਵਿੱਚ ਖਰਾਸ਼
 • ਸਾਹ ਲੈਣ ਵਿੱਚ ਔਖਿਆਈ।

ਹੋਰ ਲੱਛਣਾਂ ਵਿੱਚ ਸ਼ਾਮਲ ਹੋ ਸਕਦੇ ਹਨ, ਨੱਕ ਦਾ ਵਗਣਾ, ਸਿਰ ਦਰਦ, ਮਾਸਪੇਸ਼ੀ ਜਾਂ ਜੋੜਾਂ ਵਿੱਚ ਦਰਦ, ਜੀਅ ਕੱਚਾ ਹੋਣਾ, ਦਸਤ, ਉਲਟੀ ਆਉਣਾ, ਸੁੰਘਣ ਦੀ ਸ਼ਕਤੀ ਵਿੱਚ ਕਮੀ, ਸਵਾਦ ਦੀ ਬਦਲੀ ਹੋਈ ਭਾਵਨਾ, ਭੁੱਖ ਦੀ ਕਮੀ ਅਤੇ ਥਕਾਵਟ।

ਜੇ ਤੁਸੀਂ ਬਿਮਾਰ ਹੋ ਅਤੇ ਸੋਚਦੇ ਹੋ ਕਿ ਤੁਹਾਨੂੰ ਕਰੋਨਾਵਾਇਰਸ ਹੋ ਸਕਦਾ ਹੈ, ਤਾਂ ਡਾਕਟਰੀ ਮਦਦ ਲਓ।

ਵਧੇਰੇ ਜਾਣਕਾਰੀ ਵਾਸਤੇ ਤੁਸੀਂ ਰਾਸ਼ਟਰੀ ਕਰੋਨਾਵਾਇਰਸ ਸਹਾਇਤਾ ਲਾਈਨ ਨੂੰ 1800 020 080 ਉੱਤੇ ਫੋਨ ਕਰ ਸਕਦੇ ਹੋ। ਜੇ ਤੁਹਾਨੂੰ ਆਪਣੀ ਭਾਸ਼ਾ ਵਿੱਚ ਦੁਭਾਸ਼ੀਏ ਦੀ ਸਹਾਇਤਾ ਦੀ ਲੋੜ ਹੈ, ਤਾਂ ਕਿਰਪਾ ਕਰਕੇ 131 450 ਉੱਤੇ ਫੋਨ ਕਰੋ।

ਸਿਹਤ ਵਿਭਾਗ ਦੀ ਵੈੱਬਸਾਈਟ ਕੋਲ ਲੋਕਾਂ ਨੂੰ ਸੁਰੱਖਿਅਤ ਰਹਿਣ ਅਤੇ ਭਾਈਚਾਰੇ ਵਾਸਤੇ ਖਤਰਿਆਂ ਨੂੰ ਘੱਟ ਤੋਂ ਘੱਟ ਕਰਨ ਵਿੱਚ ਮਦਦ ਕਰਨ ਲਈ ਅੰਗਰੇਜ਼ੀ ਤੋਂ ਇਲਾਵਾ ਹੋਰ ਭਾਸ਼ਾਵਾਂ ਵਿੱਚ ਕਈ ਤਰ੍ਹਾਂ ਦੀ ਜਾਣਕਾਰੀ ਉਪਲਬਧ ਹੈ।

ਭਾਸ਼ਾ ਵਿੱਚ ਵਧੇਰੇ ਸਰੋਤ www.sbs.com.au/language/coronavirus ਉੱਤੋਂ ਲੱਭੇ ਜਾ ਸਕਦੇ ਹਨ।

COVID-19 ਟੈਸਟ ਅਤੇ ਇਲਾਜ

ਭਾਂਵੇਂ ਕਿ ਤੁਹਾਡੇ ਕੋਲ ਵੀਜ਼ਾ ਨਹੀਂ ਹੈ, ਜਾਂ ਤੁਹਾਨੂੰ ਆਪਣੇ ਵੀਜ਼ੇ ਦੀ ਸਥਿਤੀ ਬਾਰੇ ਪੱਕਾ ਪਤਾ ਨਹੀਂ ਹੈ, ਤਾਂ ਵੀ ਤੁਹਾਨੂੰ ਜਨਤਕ ਸਿਹਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਜੇ ਤੁਸੀਂ ਬਿਮਾਰ ਮਹਿਸੂਸ ਕਰ ਰਹੇ ਹੋ ਅਤੇ ਤੁਹਾਨੂੰ ਲੱਛਣ ਹਨ- ਚਾਹੇ ਉਹ ਕਿੰਨੇ ਵੀ ਹਲਕੇ ਕਿਉਂ ਨਾ ਹੋਣ, ਤਾਂ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ ਅਤੇ COVID-19 ਵਾਸਤੇ ਟੈਸਟ ਕਰਵਾਉਣਾ ਚਾਹੀਦਾ ਹੈ।

ਆਪਣੇ ਸਭ ਤੋਂ ਨੇੜੇ ਵਾਲਾ COVID-19 ਸਾਹ ਸਬੰਧੀ ਕਲੀਨਿਕ ਲੱਭੋ।

ਸੁਰੱਖਿਅਤ ਰਹੋ

 • ਹਮੇਸ਼ਾ ਚੰਗੀ ਸਾਫ-ਸਫਾਈ ਦਾ ਅਭਿਆਸ ਕਰੋ, ਆਪਣੇ ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ 20 ਸਕਿੰਟਾਂ ਲਈ ਧੋਵੋ, ਆਪਣੀ ਖੰਘ ਨੂੰ ਢੱਕੋ, ਆਪਣੀਆਂ ਅੱਖਾਂ, ਨੱਕ ਅਤੇ ਮੂੰਹ ਨੂੰ ਛੂਹਣ ਤੋਂ ਪਰਹੇਜ਼ ਕਰੋ।
 • ਆਪਣੇ ਘਰ ਤੋਂ ਬਾਹਰ ਹੋਣ ਦੇ ਸਮੇਂ ਘੱਟੋ ਘੱਟ 1.5 ਮੀਟਰ ਦੀ ਸਮਾਜਿਕ ਦੂਰੀ ਬਣਾਈ ਰੱਖੋ।
 • ਸਰੀਰਕ ਮਿਲਣੀਆਂ ਤੋਂ ਪਰਹੇਜ਼ ਕਰੋ ਜਿਵੇਂ ਕਿ ਹੱਥ ਮਿਲਾਉਣਾ, ਜੱਫੀਆਂ ਪਾਉਣਾ ਅਤੇ ਚੁੰਮਣਾ।
 • ਜੇ ਤੁਸੀਂ ਜਨਤਕ ਆਵਾਜਾਈ ਦੀ ਵਰਤੋਂ ਕਰ ਰਹੇ ਹੋ ਤਾਂ ਵਾਧੂ ਸਾਵਧਾਨੀ ਵਰਤੋ।
 • ਭੀੜ ਅਤੇ ਵੱਡੇ ਜਨਤਕ ਇਕੱਠਾਂ ਤੋਂ ਪਰਹੇਜ਼ ਕਰੋ।
 • ਚੰਗੀ ਤਰ੍ਹਾਂ ਜਾਣਕਾਰੀ ਪ੍ਰਾਪਤ ਕਰੋ – ਕੇਵਲ ਭਰੋਸੇਯੋਗ ਅਧਿਕਾਰਿਤ ਜਾਣਕਾਰੀ ਦੀ ਵਰਤੋਂ ਕਰੋ। ਕਰੋਨਾਵਾਇਰਸ ਆਸਟ੍ਰੇਲੀਆ ਮੋਬਾਈਲ ਫ਼ੋਨ ਐਪ ਨੂੰ ਡਾਊਨਲੋਡ ਕਰੋ, ਕਰੋਨਾਵਾਇਰਸ ਆਸਟ੍ਰੇਲੀਆ ਵੱਟਸਐਪ ਸੇਵਾ ਦੇ ਮੈਂਬਰ ਬਣੋ ਅਤੇ ਤਾਜ਼ਾ ਜਾਣਕਾਰੀ ਵਾਸਤੇ www.australia.gov.au ਵੇਖੋ।

ਬਜ਼ੁਰਗ ਵਿਅਕਤੀਆਂ ਦੀ COVID-19 ਸਹਾਇਤਾ ਲਾਈਨ

ਬਜ਼ੁਰਗ ਵਿਅਕਤੀਆਂ ਦੀ COVID-19 ਸਹਾਇਤਾ ਲਾਈਨ ਬਜ਼ੁਰਗ ਆਸਟ੍ਰੇਲੀਆ ਵਾਸੀਆਂ ਨੂੰ ਸੂਚਿਤ ਕਰਦੀ, ਸਹਾਇਤਾ ਕਰਦੀ ਹੈ ਅਤੇ ਜੋੜਦੀ ਹੈ।

ਕੁਝ ਬਜ਼ੁਰਗ ਲੋਕ COVID-19 ਪ੍ਰਤੀ ਨਿਤਾਣੇ ਹੁੰਦੇ ਹਨ ਪਰ ਇੰਟਰਨੈੱਟ ਨਾਲ ਘੱਟ ਜੁੜੇ ਹੁੰਦੇ ਹਨ ਅਤੇ ਉਹਨਾਂ ਨੂੰ ਆਪਣੇ ਹਾਲਾਤਾਂ ਵਾਸਤੇ ਜਾਣਕਾਰੀ ਤੱਕ ਪਹੁੰਚ ਕਰਨ ਦੇ ਤਰੀਕਿਆਂ ਦੀ ਲੋੜ ਹੁੰਦੀ ਹੈ। ਬਜ਼ੁਰਗ ਵਿਅਕਤੀਆਂ ਦੀ COVID-19 ਸਹਾਇਤਾ ਲਾਈਨ ਜਾਣਕਾਰੀ ਅਤੇ ਸਹਾਇਤਾ ਪ੍ਰਦਾਨ ਕਰਦੀ ਹੈ।

ਬਜ਼ੁਰਗ ਆਸਟ੍ਰੇਲੀਆ ਵਾਸੀ, ਉਹਨਾਂ ਦੇ ਪਰਿਵਾਰ, ਦੋਸਤ ਅਤੇ ਸੰਭਾਲ ਕਰਨ ਵਾਲੇ 1800 171 866 ਉੱਤੇ ਇੱਕ ਮੁਫ਼ਤ ਫੋਨ ਕਰ ਸਕਦੇ ਹਨ ਜੇ ਉਹ:

 • COVID-19 ਪਾਬੰਦੀਆਂ ਅਤੇ ਇਸਦੇ ਉਹਨਾਂ ਉੱਤੇ ਇਸਦੇ ਪ੍ਰਭਾਵ ਬਾਰੇ ਕਿਸੇ ਨਾਲ ਗੱਲ ਬਾਤ ਕਰਨਾ ਚਾਹੁੰਦੇ ਹਨ
 • ਇਕੱਲਾਪਨ ਮਹਿਸੂਸ ਕਰਦੇ ਹਨ ਜਾਂ ਕਿਸੇ ਪਿਆਰੇ ਬਾਰੇ ਚਿੰਤਾ ਕਰਦੇ ਹਨ
 • ਕਿਸੇ ਦੀ ਸੰਭਾਲ ਕਰਦੇ ਹਨ ਅਤੇ ਕੁਝ ਜਾਣਕਾਰੀ ਜਾਂ ਕਿਸੇ ਨਾਲ ਗੱਲ ਕਰਨ ਦੀ ਲੋੜ ਹੈ
 • ਉਹਨਾਂ ਨੂੰ ਪ੍ਰਾਪਤ ਹੋ ਰਹੀਆਂ ਬਜ਼ੁਰਗਾਂ ਦੀ ਸੰਭਾਲ ਸੇਵਾਵਾਂ ਨੂੰ ਬਦਲਣ ਬਾਰੇ ਮਦਦ ਜਾਂ ਸਲਾਹ ਲੈਣ ਦੀ ਲੋੜ ਹੈ
 • ਨਵੀਆਂ ਸੰਭਾਲ ਸੇਵਾਵਾਂ ਤੱਕ ਪਹੁੰਚ ਜਾਂ ਜ਼ਰੂਰੀ ਚੀਜ਼ਾਂ ਜਿਵੇਂ ਕਿ ਖਰੀਦਦਾਰੀ ਕਰਨ ਲਈ ਮਦਦ ਦੀ ਲੋੜ ਹੈ
 • ਆਪਣੇ ਬਾਰੇ, ਕਿਸੇ ਦੋਸਤ ਜਾਂ ਪਰਿਵਾਰ ਦੇ ਜੀਅ ਬਾਰੇ ਚਿੰਤਾ ਹੈ ਜੋ ਭੁੱਲਣ ਵਾਲੀ ਬਿਮਾਰੀ (ਡਿਮੈਂਸ਼ੀਆ) ਨਾਲ ਰਹਿ ਰਿਹਾ ਹੈ
 • ਆਪਣੇ ਵਾਸਤੇ, ਜਾਂ ਕਿਸੇ ਹੋਰ ਵਾਸਤੇ ਇਕ ਵਾਰ ਦੀ ਜਾਂ ਬਕਾਇਦਾ ਭਲਾਈ ਦੀ ਜਾਂਚ ਦਾ ਬੰਦੋਬਸਤ ਕਰਨਾ ਚਾਹੁੰਦਾ ਹੈ।

ਆਸਟ੍ਰੇਲੀਆ ਦੇ ਬਜ਼ੁਰਗ, ਉਹਨਾਂ ਦੇ ਰਿਸ਼ਤੇਦਾਰ, ਸੰਭਾਲ ਕਰਨ ਵਾਲੇ, ਦੋਸਤ ਜਾਂ ਸਹਿਯੋਗੀ ਕਿਸੇ ਵੀ ਜਾਣਕਾਰੀ ਜਾਂ ਸੇਵਾਵਾਂ ਵਾਸਤੇ ਹਫਤੇ ਦੇ ਦਿਨਾਂ ਵਿੱਚ ਸਵੇਰੇ 8:30 – ਸ਼ਾਮ 6 ਵਜੇ AEST ਤੱਕ 1800 171 866 ਉੱਤੇ ਫੋਨ ਕਰ ਸਕਦੇ ਹਨ।

ਤੱਥਸ਼ੀਟਾਂ